ਗ਼ਜ਼ਲ…. ਇਕ ਵੀ ਨਾਂ ਮਿਲਿਆ ਰੱਖ, ਤੇਰੇ ਸ਼ਹਿਰ ਵਿਚ।

ਗ਼ਜ਼ਲ….
ਇਕ ਵੀ ਨਾਂ ਮਿਲਿਆ ਰੱਖ, ਤੇਰੇ ਸ਼ਹਿਰ ਵਿਚ।
ਜੋ ਦੇਵੇ ਕੁਝ ਤਾਂ ਸੁੱਖ, ਤੇਰੇ ਸ਼ਹਿਰ ਵਿਚ।
ਸਿਖਰ ਦੁਪਹਿਰੇ ਭਟਕਣ,ਠੰਡੀਆਂ ਛਾਂਵਾਂ ਨੂੰ,
ਛਾਂਵਾਂ ਲੱਭਦੇ ਵੇਖੇ ਰੁੱਖ,ਤੇਰੇ ਸ਼ਹਿਰ ਵਿਚ।
ਮਸੀਹਾ ਕਰੇ ਕੀ ਦੁਆ,ਸਾਡੇ ਦਰਦਾਂ ਦੀ,
ਜੋ ਖੁਦ ਸਹਿ ਰਿਹਾ ਦੁੱਖ ਤੇਰੇ ਸ਼ਹਿਰ ਵਿਚ।
ਆਪਣੀ ਕੁੱਖ ਦਾ ਕਤਲ, ਕੁੱਖ ਹੈ ਕਰ ਰਹੀ,
ਹੈ ਅਜੀਬ ਤਰਾਂ ਦੀ ਕੁੱਖ,ਤੇਰੇ ਸ਼ਹਿਰ ਵਿਚ।
ਖਾਦ,ਚਾਰਾ,ਕਿਡਨੀਆਂ,ਬੋਫਰ, ਖਾ ਕੇ ਨਾਂ ਮਿਟੀ,
ਹੈ ਅਜੀਬ ਤਰਾਂ ਦੀ ਭੁੱਖ,ਤੇਰੇ ਸ਼ਹਿਰ ਵਿਚ।
ਪ੍ਰਸ਼ਾਨੀਆਂ,ਉਦਾਸੀਆਂ, ਖੁਦਗਰਜੀਆਂ’ਚ ਰੁਲ ਗਿਆ,
ਦਿਸਿਆ ਨਾਂ ਕੋਈ ਚਿਹਰਾ,ਹਸਮੁਖ,ਤੇਰੇ ਸ਼ਹਿਰ ਵਿਚ।
ਪੀ ਪੀ ਖੂਨ ਮਨੁੱਖ ਦਾ,ਮਨੁੱਖ ਹੀ ਨਾਂ ਰਜਿਆ ‘ਸੈਣੀ’,
ਹੈ ਕਿਸਤਰਾਂ ਦਾ ਹੋ ਗਿਆ ਮਨੁੱਖ,ਤੇਰੇ ਸ਼ਹਿਰ ਵਿਚ।

Share