ਰਾਹੁਲ ਗਾਂਧੀ ਅਮਰੀਕਾ ਲਈ ਰਵਾਨਾ

ਨਵੀਂ ਦਿੱਲੀ, 23 ਸਤੰਬਰ (ਏਜੰਸੀ)- ਇਕ ਪਾਸੇ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ.ਐਨ. ‘ਚ ਜਨਰਲ ਅਸੈਂਬਲੀ ਦੀ ਬੈਠਕ ਲਈ ਅਮਰੀਕਾ ਦੌਰੇ ‘ਤੇ ਗਏ ਹਨ, ਉਥੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੀ ਅਮਰੀਕਾ ਲਈ ਰਵਾਨਾ ਹੋ ਗਏ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਅਮਰੀਕਾ ਦੇ ਐਸਪੇਨ ਸ਼ਹਿਰ ‘ਚ ਇਕ ਕਾਨਫਰੰਸ ‘ਚ ਸ਼ਾਮਲ ਹੋਣ ਲਈ ਗਏ ਹਨ। ਇਸ ਕਾਨਫਰੰਸ ‘ਚ ਪੂਰੀ ਦੁਨੀਆ ਦੇ ਪ੍ਰਾਈਵੇਟ ਤੇ ਸਰਕਾਰੀ ਖੇਤਰ ਦੇ ਨੁਮਾਇੰਦੇ ਸ਼ਾਮਲ ਹੋਣ ਦੀ ਉਮੀਦ ਹੈ। ਰਾਹੁਲ ਦੀ ਇਸ ਯਾਤਰਾ ਨੂੰ ਲੈ ਕੇ ਸੁਰਜੇਵਾਲਾ ਨੇ ਮੰਗਲਵਾਰ ਨੂੰ ਦੋ ਪ੍ਰੈਸ ਕਾਨਫਰੰਸ ਕੀਤੀਆਂ। ਪਹਿਲੀ ਪ੍ਰੈਸ ਕਾਨਫਰੰਸ ‘ਚ ਸੁਰਜੇਵਾਲਾ ਨੇ ਦੱਸਿਆ ਕਿ ਰਾਹੁਲ ਗਾਂਧੀ ਨਿੱਜੀ ਕਾਰਨਾਂ ਦੇ ਚੱਲਦਿਆਂ ਅਮਰੀਕਾ ਜਾ ਰਹੇ ਹਨ। ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਫਿਰ ਪ੍ਰੈਸ ਕਾਨਫਰੰਸ ਸੱਦੀ, ਜਿਸ ‘ਚ ਕਿਹਾ ਗਿਆ ਕਿ ਰਾਹੁਲ ਇਕ ਕਾਨਫਰੰਸ ‘ਚ ਹਿੱਸਾ ਲੈਣ ਲਈ ਅਮਰੀਕਾ ਜਾ ਰਹੇ ਹਨ। ਉਥੇ ਹੀ, ਕੁਝ ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀ ਨਾਨੀ ਦੀ ਤਬੀਅਤ ਖਰਾਬ ਹੈ। ਇਸ ਲਈ ਉਨ੍ਹਾਂ ਨੂੰ ਮਿਲਣ ਲਈ ਉਹ ਅਮਰੀਕਾ ਗਏ ਹਨ। ਉਥੇ ਕਾਂਗਰਸ ਨੇਤਾਵਾਂ ਦੇ ਕਈ ਤਰ੍ਹਾਂ ਦੇ ਬਿਆਨਾਂ ਦੇ ਆਉਣ ਨਾਲ ਰਾਹੁਲ ਦੀ ਇਸ ਯਾਤਰਾ ਦਾ ਕਾਰਨ ਸਾਫ ਨਹੀਂ ਹੋ ਪਾ ਰਿਹਾ ਹੈ। ਇਕ ਪਾਸੇ ਬਿਹਾਰ ਦੀਆਂ ਚੋਣਾਂ ਸਿਰ ‘ਤੇ ਹਨ ਪਰ ਅਜਿਹੇ ‘ਚ ਉਨ੍ਹਾਂ ਦੇ ਇਸ ਦੌਰੇ ਤੋਂ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾ ਫਰਵਰੀ ‘ਚ ਬਜਟ ਇਜਲਾਸ ਦੇ ਦੌਰਾਨ ਵੀ ਰਾਹੁਲ 56 ਦਿਨਾਂ ਦੀਆਂ ਛੁੱਟੀਆਂ ਲੈਣ ਦੀ ਕਾਫੀ ਆਲੋਚਨਾ ਹੋ ਚੁੱਕੀ ਹੈ।

Share