ਸੋਨੀਆ ਅਤੇ ਰਾਹੁਲ ਸਭ ਤੋਂ ਵੱਡੇ ਨੌਟੰਕੀਬਾਜ-ਕਟਾਰੀਆ

ਅੰਬਾਲਾ, 9 ਅਗਸਤ

ਸਾਂਸਦ ਰਤਨ ਲਾਲ ਕਟਾਰੀਆ ਨੇ ਕਿਹਾ ਹੈ ਕਿ ਪਾਕਿਸਤਾਨ ਅਤਿਵਾਦ ਦੀ ਸਾਜਿਸ਼ ਰਚ ਕੇ ਭਾਰਤ ਦੇ ਸਬਰ ਦਾ ਇਮਤਿਹਾਨ ਲੈਣਾ ਚਾਹੁੰਦਾ ਹੈ।ਭਾਰਤ ਅਜਿਹੀ ਹਰ ਸਾਜਿਸ਼ ਦਾ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹੈ ਅਤੇ ਕਿਸੇ ਨੂੰੰ ਵੀ ਰਾਸ਼ਟਰ ਧ੍ਰੋਹ ਲਈ ਭਾਰਤ ਦੀ ਜ਼ਮੀਨ ਦਾ ਇਸਤੇਮਾਲ ਨਹੀਂ ਕਰਨ ਦਿੱਤਾ ਦੇਵੇਗਾ।

ਸ਼੍ਰੀ ਕਟਾਰੀਆ ਅੱਜ ਛਾਉਣੀ ਦੇ ਰੈਸਟ ਹਾਊਸ ਵਿਚ ਮੀਡੀਆ ਨਾਲ ਗੱਲ-ਬਾਤ ਕਰ ਰਹੇ ਸਨ। ਉਨ੍ਹਾਂ ਦੇ ਨਾਲ ਹਰਿਆਣਾ ਦੇ ਭੂ-ਵਿਗਿਆਨ, ਅਕਸ਼ੈ ਊਰਜਾ ਅਤੇ ਖਣਨ ਰਾਜ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਨੇਤਾ ਸ਼ੁਭ ਆਦੇਸ਼ ਮਿੱਤਲ ਵੀ ਮੌਜੂਦ ਸਨ।

 

ਉਨ੍ਹਾਂ ਕਿਹਾ ਕਿ ਅਤਿਵਾਦੀਆਂ ਦੀ ਸਾਜਿਸ਼ ਨੂੰ ਨਾਕਾਮ ਕਰਨ ਵਾਲੇ ਯਮੁਨਾਨਗਰ ਜ਼ਿਲ੍ਹੇ ਦੇ ਰੌਕੀ ਵਰਗੇ ਬਹਾਦਰ ਸਿਪਾਹੀਆਂ ਦੀ ਸ਼ਹਾਦਤ ਜਾਇਆ ਨਹੀਂ ਜਾਣ ਦਿੱਤੀ ਜਾਵੇਗੀ ਅਤੇ ਅਤਿਵਾਦ ਦਾ ਡੱਟ ਕੇ ਮੁਕਾਬਲਾ ਕਰਨ ਦੇ ਨਾਲ ਨਾਲ ਪਾਕਿਸਤਾਨ ਤੇ ਕੂਟਨੀਤਕ ਤੌਰ ਤੇ ਵੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਅਤੇ ਨੀਮ ਫੌਜੀ ਬਲ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਜੀ-ਜਾਨ ਨਾਲ ਜੁੱਟੇ ਹੋਏ ਹਨ ਜਿਨ੍ਹਾਂ ਤੇ ਭਾਰਤ ਵਾਸੀਆਂ ਨੂੰ ਮਾਣ ਹੈ।

 

ਇਕ ਸਵਾਲ ਦੇ ਜਵਾਬ ਵਿਚ ਸ਼੍ਰੀ ਕਟਾਰੀਆ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇਸ਼ ਨੂੰ ਗੁਮਰਾਹ ਕਰ ਰਹੇ ਹਨ।ਸੋਨੀਆ ਗਾਂਧੀ ਵੱਲੋਂ ਅੰਬਾਲਾ ਦੀ ਬੇਟੀ ਅਤੇ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਡਰਾਮੇਬਾਜ ਦੱਸਣ ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਅਸਲ ਵਿਚ ਸੋਨੀਆ ਅਤੇ ਰਾਹੁਲ ਸਭ ਤੋਂ ਵੱਡੇ ਨੌਟੰਕੀਬਾਜ ਹਨ ਅਤੇ ਉਹ ਯੂ.ਪੀ.ਏ ਸਰਕਾਰ ਦੇ ਕਾਰਜਕਾਲ ਵਿਚ ਹੋਏ ਵੱਡੇ ਘੁਟਾਲਿਆਂ ਤੋਂ ਦੇਸ਼ ਦੀ ਜਨਤਾ ਦਾ ਧਿਆਨ ਹਟਾਉਣ ਲਈ ਸੁਸ਼ਮਾ ਸਵਰਾਜ ਵਰਗੀ ਸਾਫ ਅਕਸ ਦੀ ਨੇਤਾ ਤੇ ਆਧਾਰਹੀਣ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸੋਨੀਆ ਅਤੇ ਰਾਹੁਲ ਨੇ ਪਿਛਲੇ 10 ਸਾਲਾਂ ਵਿਚ ਗਲਤ ਨੀਤੀਆਂ ਨਾਲ ਦੇਸ਼ ਨੂੰ ਵਿਨਾਸ਼ ਵੱਲ ਧੱਕਿਆ ਹੈ ਅਤੇ ਹੁਣ ਝੂਠੀ ਬਿਆਨਬਾਜੀ ਨਾਲ ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

 

ਸ਼੍ਰੀ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੇਵਲ ਸਵਾ ਸਾਲ ਦੇ ਕਾਰਜਕਾਲ ਵਿਚ ਅੰਬਾਲਾ ਸੰਸਦੀ ਹਲਕੇ ਵਿਚ 3 ਹਜਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜਦੋਂ ਕਿ ਕਾਂਗਰਸ ਦੇ 67 ਸਾਲਾਂ ਦੇ ਕਾਰਜਕਾਲ ਵਿਚ ਵੀ ਏਨੇ ਪ੍ਰੋਜੈਕਟ ਇਸ ਹਲਕੇ ਨੂੰ ਨਹੀਂ ਮਿਲ ਸਕੇ।ਉਨ੍ਹਾਂ ਨੇ ਅੰਬਾਲਾ ਵਿਚ ਡਿਜੀਟਲ ਮਹਿਲਾ ਆਈ.ਟੀ.ਆਈ ਕਾਇਮ ਕਰਨ ਦੀ ਮਨਜੂਰੀ ਦੇਣ ਲਈ ਕੇਂਦਰੀ ਮਾਨਵ ਸਰੋਤ ਮੰਤਰੀ ਸਿਮਰਿਤੀ ਇਰਾਨੀ ਦਾ ਧੰਨਵਾਦ ਵੀ ਕੀਤਾ।

 

ਫੋਟੋ : ਛਾਉਣੀ ਵਿਚ ਮੀਡੀਆ ਨਾਲ ਗੱਲ-ਬਾਤ ਕਰਦੇ ਹੋਏ ਸਾਂਸਦ ਰਤਨ ਲਾਲ ਕਟਾਰੀਆ, ਨਾਲ ਬੈਠੇ ਹਨ ਰਾਜ ਮੰਤਰੀ ਨਾਇਬ ਸਿੰਘ ਸੈਣੀ ਅਤੇ ਸ਼ੁਭ ਆਦੇਸ਼ ਮਿੱਤਲ

Share